Edit Content
ਕਵਿਤਾ : ਪਿਆਰ ਰੂਹਾਂ ਦਾ
ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ,
ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ,
ਲੈ ਕੇ ਜਨਮ ਤੇਰੀ ਹੀ ਕੁੱਖ 'ਚੋਂ ,
ਤੇਰੀ ਜ਼ਿੰਦਗੀ ਵਿਚ ਦੋਬਾਰਾ ਆਵਾਂਗਾ |

ਤੂੰ ਬੇਖੌਫ ਹੋ ਮੇਰਾ ਮੱਥਾ ਚੁੰਮੀ ,
ਘੁੱਟ ਕੇ ਮੈਨੂੰ ਗੱਲ ਨਾਲ ਲਾਈਂ, 
ਗੋਦੀ ਵਿਚ ਸਿਰ ਰੱਖ ਕੇ ਮੇਰਾ,
ਉਂਗਲਾਂ ਨਾਲ ਮੇਰੇ ਵਾਲਾਂ ਨੂੰ ਵਾਈਂ ,
ਪਿਆਰ ਤਾਂ ਆਖ਼ਰ ਪਿਆਰ ਹੁੰਦੈ ,
ਮੈਂ ਕਹਿ ਕੇ ਤੈਨੂੰ ਮਾਂ ਬੁਲਾਵਾਂਗਾ ,
ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ,
ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ |

ਤੇਰਾ ਤੇ ਮੇਰਾ ਰੂਹਾਂ  ਦਾ ਰਿਸ਼ਤਾ,
ਸਾਰੀ ਦੁਨੀਆਂ ਨੂੰ ਹੋਊ ਮਨਜ਼ੂਰ,
ਤੂੰ ਰਹੇਂਗੀ ਮੇਰੀ ਛਾਂ ਬਣ ਕੇ,
ਨਾ ਹੋਏਂਗੀ ਕਦੇ ਵੀ ਦੂਰ,
ਸੱਚ ਜਾਣੀ ਬਹੁਤ ਤਰਸੇਆਂ ਹਾਂ ,
ਅਗਲੀ ਜੂਨੇ ਰੱਜ ਕੇ ਚੂਰੀਆਂ ਖਾਵਾਂਗਾ, 
ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ,
ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ |

ਤੂੰ ਓਦੋਂ ਵੀ ਬਹਿ ਕੇ ਰਾਤਾਂ ਨੂੰ,
ਜ਼ਿੰਦਗੀ ਮੇਰੀ ਦਾ ਫਿਕਰ ਕਰੇਂਗੀ,
ਤੂੰ ਓਦੋ ਵੀ ਆਪਣੇ ਰੱਬ ਦੇ ਅੱਗੇ,
ਅਰਦਾਸਾਂ 'ਚ ਮੇਰਾ ਜ਼ਿਕਰ ਕਰੇਂਗੀ,
ਮੈਂ ਰਹਿਣਾ ਓਦੋਂ ਵੀ ਲਾਪ੍ਰਵਾਹ ,
ਮੈਂ ਓਦੋਂ ਵੀ ਤੈਨੂੰ ਇੰਝ ਹੀ ਸਤਾਵਾਂਗਾ ,
ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ,
ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ |

Written By : Sachin Puri

Instagram: @sachinpuri24