ਕਵਿਤਾ : ਪਿਆਰ ਰੂਹਾਂ ਦਾ
ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ, ਲੈ ਕੇ ਜਨਮ ਤੇਰੀ ਹੀ ਕੁੱਖ 'ਚੋਂ , ਤੇਰੀ ਜ਼ਿੰਦਗੀ ਵਿਚ ਦੋਬਾਰਾ ਆਵਾਂਗਾ | ਤੂੰ ਬੇਖੌਫ ਹੋ ਮੇਰਾ ਮੱਥਾ ਚੁੰਮੀ , ਘੁੱਟ ਕੇ ਮੈਨੂੰ ਗੱਲ ਨਾਲ ਲਾਈਂ, ਗੋਦੀ ਵਿਚ ਸਿਰ ਰੱਖ ਕੇ ਮੇਰਾ, ਉਂਗਲਾਂ ਨਾਲ ਮੇਰੇ ਵਾਲਾਂ ਨੂੰ ਵਾਈਂ , ਪਿਆਰ ਤਾਂ ਆਖ਼ਰ ਪਿਆਰ ਹੁੰਦੈ , ਮੈਂ ਕਹਿ ਕੇ ਤੈਨੂੰ ਮਾਂ ਬੁਲਾਵਾਂਗਾ , ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ | ਤੇਰਾ ਤੇ ਮੇਰਾ ਰੂਹਾਂ ਦਾ ਰਿਸ਼ਤਾ, ਸਾਰੀ ਦੁਨੀਆਂ ਨੂੰ ਹੋਊ ਮਨਜ਼ੂਰ, ਤੂੰ ਰਹੇਂਗੀ ਮੇਰੀ ਛਾਂ ਬਣ ਕੇ, ਨਾ ਹੋਏਂਗੀ ਕਦੇ ਵੀ ਦੂਰ, ਸੱਚ ਜਾਣੀ ਬਹੁਤ ਤਰਸੇਆਂ ਹਾਂ , ਅਗਲੀ ਜੂਨੇ ਰੱਜ ਕੇ ਚੂਰੀਆਂ ਖਾਵਾਂਗਾ, ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ | ਤੂੰ ਓਦੋਂ ਵੀ ਬਹਿ ਕੇ ਰਾਤਾਂ ਨੂੰ, ਜ਼ਿੰਦਗੀ ਮੇਰੀ ਦਾ ਫਿਕਰ ਕਰੇਂਗੀ, ਤੂੰ ਓਦੋ ਵੀ ਆਪਣੇ ਰੱਬ ਦੇ ਅੱਗੇ, ਅਰਦਾਸਾਂ 'ਚ ਮੇਰਾ ਜ਼ਿਕਰ ਕਰੇਂਗੀ, ਮੈਂ ਰਹਿਣਾ ਓਦੋਂ ਵੀ ਲਾਪ੍ਰਵਾਹ , ਮੈਂ ਓਦੋਂ ਵੀ ਤੈਨੂੰ ਇੰਝ ਹੀ ਸਤਾਵਾਂਗਾ , ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ |

Written By : Sachin Puri
Instagram: @sachinpuri24