ਕੋਵਿਡ ਉਨੀ ਦੀ ਇਸ ਕਾਲ਼ੀ ਰਾਤ ਵਿਚੋਂ
ਟਿਮ ਟਿਮਾਉਂਦੇ ਤਾਰੇ ਆ ਕੇ ਵੇਖ ਜ਼ਰਾ
ਔਖੇ ਵੇਲ਼ੇ ਆਏ ਤੇ ਉਹ ਲ਼ੰਘ ਗਏ
ਪੜ ਇਤਿਹਾਸ ਤੇ ਮਨ ਸਮਝਾਕੇ ਵੇਖ ਜ਼ਰਾ
ਜ੍ਹਿਨਾਂ ਨੇ ਕੁੱਝ ਬੱਚਤਾਂ ਕਰਕੇ ਰੱਖੀਆਂ ਨੇ
ਕਰਦੇ ਪਏ ਗੁਜ਼ਾਰੇ ਆ ਕੇ ਵੇਖ ਜ਼ਰਾ
ਜੀਆਂ ਦੀ ਉਡੀਕ ਸਦਾ ਹੀ ਹੁੰਦੀ ਸੀ
ਅੱਜ ਜੀਅ ਘਰ ਵਿਚ ਸਾਰੇ ਆ ਕੇ ਵੇਖ ਜ਼ਰਾ
ਤੇਰੇ ਅੰਦਰ ਕਲਮ ਦੀ ਸਿਆਹੀ ਮੁੱਕੀ ਨਹੀਂ
ਚੱਲ ਕਾਗ਼ਜ਼ ਉੱਤੇ ਕਲਮ ਚਲਾ ਕੇ ਵੇਖ ਜ਼ਰਾ
ਘਰ ਬੈਠਾ ਕੁਲਦੀਪ ਐਵੇਂ ਸੀ ਸੋਚ ਰਿਹਾ
ਅੱਖਰ ਕੁਝ ਖਿਲਾਰੇ ਆ ਕੇ ਵੇਖ ਜ਼ਰਾ
ਕੰਨਾਂ ਉੱਤੇ ਸਾਜ਼ ਜਿਹੜੇ ਵੀ ਵਜਦੇ ਨੇ
ਅੰਦਰ ਕਿਹੜੀ ਚੀਜ਼ ਤੇ ਜਾ ਕੇ ਲੱਗਦੇ ਨੇ
ਅੰਦਰ ਬੈਠਿਆਂ ਸੂਰਜ ਗਰਮ ਤਾਂ ਲੱਗਦਾ ਹੈ
ਬਾਹਰ ਜਾਈਏ ਪਾਲੇ ਹਾਲੇ ਲੱਗਦੇ ਨੇ
ਗ਼ਮ ਖੁਸ਼ੀਆਂ ਤੇ ਸੋਗ ਵਾਂਗਰਾਂ ਮੌਸਮ ਨੇ
ਬਦਲ ਬਦਲ ਕੇ ਆਉਂਦੇ ਜਾਂਦੇ ਲੱਗਦੇ ਨੇ
ਉਂਜ ਤਾਂ ਪਾਣੀ ਨਰਮ ਤੇ ਹੌਲੇ ਹੁੰਦੇ ਨੇ
ਪਰ ਪਲਕਾਂ ਤੇ ਭਾਰੇ ਭਾਰੇ ਲੱਗਦੇ ਨੇ
ਨੌਂ ਤੋਂ ਪੰਜ ਦੀ ਡਿਊਟੀ ਉਤੇ ਜਾਣ ਵਾਲੇ
ਸੁੰਨੀ ਸੜਕ ਨੂੰ ਬਾਰੀ ਥਾਣੀ ਤੱਕਦੇ ਨੇ
ਲਫ਼ਜ਼ਾਂ ਮੈਨੂੰ ਅੰਦਰ ਫੜਕੇ ਰੱਖਿਆ ਹੈ
ਬਾਹਰ ਆਉਣ ਨੂੰ ਲਫਜ਼ ਤਾਂ ਕਾਹਲੇ ਲੱਗਦੇ ਨੇ